ਸ਼ਾਹਕੋਟ ‘ਚ ਮੁੜ ਵੱਧਣ ਲੱਗੇ ਕੋਰੋਨਾ ਵਾਇਰਸ ਦੇ ਮਾਮਲੇ

Advertisement

ਸ਼ਾਹਕੋਟ/ਮਲਸੀਆਂ, 23 ਫਰਵਰੀ (ਵਿਸ਼ਵ ਵਾਰਤਾ): ਕੋਰੋਨਾ ਵਾਇਰਸ ਦੀ ਰਫਤਾਰ ਹੌਲੀ ਹੋਣ ਤੋਂ ਬਾਅਦ ਅਚਾਨਕ ਇਸ ਵਿੱਚ ਉਛਾਲ ਆਇਆ ਹੈ। ਹਾਲ ਇਹ ਹੈ ਕਿ ਫਰਵਰੀ ਦੀ ਸੁਰੂਆਤ ਤੋਂ ਲੈ ਕੇ ਹੁਣ ਤੱਕ ਸ਼ਾਹਕੋਟ ਅਤੇ ਲੋਹੀਆਂ ਖੇਤਰ ਵਿੱਚ ਕੋਰੋਨਾ ਦੀ ਲਾਗ ਦੇ 38 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ ਸੰਕਰਮਿਤ ਦੋ ਲੋਕਾਂ ਦੀ ਵੀ ਮੌਤ ਹੋ ਚੁੱਕੀ ਹੈ। ਮੰਗਲਵਾਰ ਨੂੰ ਚਾਰ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚੋਂ ਇੱਕ ਸਾਹਕੋਟ ਦੇ ਪੌਸ਼ ਇਲਾਕੇ ਮਾਡਲ ਟਾਊਨ ਦਾ ਹੈ।

ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਨੇ ਕੋਰੋਨਾ ਦੀ ਲਾਗ ਦੇ ਵੱਧ ਰਹੇ ਮਾਮਲਿਆਂ ’ਤੇ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਕੋਰੋਨਾ ਕੇਸਾਂ ਵਿੱਚ ਅਚਾਨਕ ਵਾਧਾ ਹੋਣ ਦਾ ਸਭ ਤੋਂ ਵੱਡਾ ਕਾਰਣ ਲੋਕਾਂ ਵੱਲੋਂ ਵਰਤੀ ਜਾ ਰਹੀ ਲਾਪਰਵਾਹੀ ਹੈ। ਲੋਕਾਂ ਨੇ ਮਾਸਕ ਪਹਿਨਣਾ ਲਗਭਗ ਬੰਦ ਕਰ ਦਿੱਤਾ ਹੈ। ਬਾਜਾਰਾਂ ਅਤੇ ਸਮਾਜਿਕ ਸਮਾਗਮਾਂ ਵਿੱਚ ਭੀੜ ਵੱਧ ਗਈ ਹੈ ਅਤੇ ਲੋਕ ਸਮਾਜਕ ਦੂਰੀ ਅਤੇ ਵਾਰ-ਵਾਰ ਹੱਥ ਧੋਣ ਵਰਗੇ ਉਪਾਅ ਨਹੀਂ ਕਰ ਰਹੇ ਹਨ। ਇਸ ਤੋਂ ਇਲਾਵਾ ਏਮਜ ਦਿੱਲੀ ਦੇ ਡਾਇਰੈਕਟਰ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਪੰਜਾਬ ਵਿੱਚ ਦਾਖਲ ਹੋ ਗਿਆ ਹੈ। ਇਸ ਸਥਿਤੀ ਵਿੱਚ, ਹੋਰ ਕੇਸ ਆ ਰਹੇ ਹਨ ਅਤੇ ਖਤਰਾ ਵੀ ਵੱਧ ਗਿਆ ਹੈ। ਡਾ. ਦੁੱਗਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਤੋਂ ਬਚਣ ਲਈ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਪਾਉਣ। ਜਦੋਂ ਜਰੂਰੀ ਹੋਵੇ, ਉਦੋਂ ਹੀ ਘਰੋਂ ਨਿਕਲੋ ਅਤੇ ਆਪਣੇ ਹੱਥ ਵਾਰ-ਵਾਰ ਧੋਂਦੇ ਰਹੋ।

 

ਇੱਕ ਹਫਤੇ ਵਿੱਚ 17 ਕੇਸ, ਦੋ ਲੋਕਾਂ ਦੀ ਗਈ ਜਾਨ

 

ਬੀਈਈ ਚੰਦਨ ਮਿਸਰਾ ਨੇ ਦੱਸਿਆ ਕਿ ਫਰਵਰੀ ਦੀ ਸੁਰੂਆਤ ਵਿੱਚ ਜਿੱਥੇ ਹਰ ਦੂਜੇ ਦਿਨ ਇੱਕ ਕੇਸ ਸਾਹਮਣੇ ਆ ਰਿਹਾ ਸੀ, ਉਥੇ ਪਿਛਲੇ ਹਫਤੇ ਵਿੱਚ 17 ਕੇਸ ਸਾਹਮਣੇ ਆਏ ਹਨ। ਸਾਹਕੋਟ ਦੇ ਮੁਹੱਲਾ ਕਰਤਾਰ ਨਗਰ, ਬਾਗਵਾਲਾ ਅਤੇ ਮਾਡਲ ਟਾਊਨ ਸਮੇਤ ਕੁੱਲ ਅੱਠ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਨਾਲ ਲੱਗਦੇ ਪਿੰਡਾਂ ਬਾਜਵਾ ਕਲਾਂ, ਢੰਡੋਵਾਲ, ਕੰਨਿਆ ਕਲਾਂ ਅਤੇ ਮਲਸੀਆਂ ਵਿੱਚ ਵੀ ਕੋਰੋਨਾ ਦੇ ਕੇਸ ਨਿਕਲੇ ਹਨ। ਕੋਰੋਨਾ ਪਾਜੀਟਿਵ ਦੋ ਵਿਅਕਤੀਆਂ ਦੀ ਮੌਤ ਵੀ ਹੋਈ ਹੈ। ਇਨ੍ਹਾਂ ਵਿੱਚੋਂ ਇੱਕ ਸਾਦਿਕਪੁਰ ਦਾ ਰਹਿਣ ਵਾਲਾ ਸੀ ਅਤੇ ਦੂਜਾ ਬਿੱਲੀ ਚਾਓ ਦਾ। ਦੋਵੇਂ ਨਿੱਜੀ ਹਸਪਤਾਲਾਂ ਵਿੱਚ ਜੇਰੇ ਇਲਾਜ ਸਨ।

 

ਲੋਕ ਸਰਕਾਰੀ ਸੈਂਪਲਿੰਗ ਦਾ ਕਰ ਰਹੇ ਵਿਰੋਧ, ਪ੍ਰਾਈਵੇਟ ਲੈਬਾਂ ’ਚ ਕਰਵਾ ਰਹੇ ਨੇ ਜਾਂਚ

 

ਇਕ ਪਾਸੇ ਕੋਰੋਨਾ ਦੀ ਲਾਗ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ, ਤਾਂ ਦੂਜੇ ਪਾਸੇ ਲੋਕ ਸਿਹਤ ਵਿਭਾਗ ਵੱਲੋ ਕੀਤੀ ਜਾ ਰਹੀ ਸੈਂਪਲਿੰਗ ਦਾ ਵਿਰੋਧ ਕਰ ਰਹੇ ਹਨ। ਇੱਥੋਂ ਤੱਕ ਕਿ ਸੈਂਪਲ ਲੈਣ ਲਈ ਹਾਈਵੇ ਅਤੇ ਹੋਰ ਪ੍ਰਮੁੱਖ ਥਾਵਾਂ ‘ਤੇ ਖੜੇ ਡਾਕਟਰ ਅਤੇ ਉਨ੍ਹਾਂ ਦੀ ਟੀਮ ਨਾਲ ਮੰਦਾ ਵਿਵਹਾਰ ਕੀਤਾ ਜਾ ਰਿਹਾ ਹੈ। ਜਦੋਂ ਕਿ ਫਰਵਰੀ ਮਹੀਨੇ ਦੇ ਅੰਕੜੇ ਦੱਸਦੇ ਹਨ ਕਿ ਲੋਕ ਆਪ ਮੁਹਾਰੇ ਨਿੱਜੀ ਲੈਬਾਂ ‘ਚ ਜਾਂਚ ਕਰਵਾ ਰਹੇ ਹਨ ਅਤੇ ਪਾਜੀਟਿਵ ਵੀ ਆ ਰਹੇ ਹਨ। ਫਰਵਰੀ ‘ਚ ਪਾਜੀਟਿਵ ਆਏ 38 ਲੋਕਾਂ ਵਿੱਚੋਂ 16 ਦੇ ਟੈਸਟ ਸਾਹਕੋਟ ਦੇ ਬਾਹਰ ਨਿੱਜੀ ਹਸਪਤਾਲ ਜਾਂ ਲੈਬ ਵਿੱਚ ਕੀਤੇ ਗਏ ਸਨ।