ਟਿਕਰੀ ਬਾਰਡਰ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਨੌਜਵਾਨਾਂ ਵੱਲੋਂ ਸੰਭਾਲੀ ਗਈ ਸਟੇਜ

Advertisement

 

ਟਿਕਰੀ ਬਾਰਡਰ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਨੌਜਵਾਨਾਂ ਵੱਲੋਂ ਸੰਭਾਲੀ ਗਈ ਸਟੇਜ

ਨਵੀਂ ਦਿੱਲੀ, 13 (ਵਿਸ਼ਵ ਵਾਰਤਾ ) ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਟਿਕਰੀ ਬਾਰਡਰ ਤੇ ਗ਼ਦਰੀ ਗੁਲਾਬ ਕੌਰ ਨਗਰ ਵਿਖੇ ਚੱਲ ਰਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਦੀ ਕਾਰਵਾਈ ਨੌਜਵਾਨਾਂ ਵੱਲੋਂ ਸੰਭਾਲੀ ਗਈ। ਅੱਜ ਦੀ ਸਟੇਜ ਤੋਂ ਬਿੱਟੂ ਸਿੰਘ ਮੱਲਣ ਅਤੇ ਮੱਖਣ ਸਿੰਘ ਹਰੀਗੜ੍ਹ ਨੇ ਕਿਹਾ ਕਿ ਹਕੂਮਤਾਂ ਨੇ ਪਬਲਿਕ ਅਦਾਰੇ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰਕੇ ਨੌਜਵਾਨਾਂ ਲਈ ਰੁਜ਼ਗਾਰ ਦੇ ਸਾਰੇ ਬੂਹੇ ਬੰਦ ਕਰ ਦਿੱਤੇ ਹਨ । ਬੇਰੁਜ਼ਗਾਰ ਨੌਜਵਾਨਾਂ ਨੂੰ ਸੰਘਰਸ਼ ਦੇ ਰਾਹ ਤੋਂ ਰੋਕਣ ਲਈ ਵੋਟ ਪਾਰਟੀਆਂ ਵੱਲੋਂ ਵੋਟਾਂ ਵਿੱਚ ਵੱਡੀ ਪੱਧਰ ਤੇ ਨਸ਼ੇ ਉੱਤੇ ਹੋਰ ਛੋਟੇ ਮੋਟੇ ਲਾਲਚ ਦੇ ਕੇ ਵਰਤਿਆ ਜਾਂਦਾ ਹੈ । ਉਨ੍ਹਾਂ ਨੂੰ ਪੁਲਸ ਕਾਰਵਾਈ ਦੀਆਂ ਛੋਟਾਂ ਦੇ ਕੇ ਲੁੱਟਾਂ ਖੋਹਾਂ ਅਤੇ ਗੈਗਸਟਾਰਾਂ ਵੱਲ ਵਧਣ ਦਾ ਮੌਕਾ ਦਿੱਤਾ ਜਾਂਦਾ ਹੈ । ਖੇਤੀ ਕਾਨੂੰਨਾਂ ਖ਼ਿਲਾਫ਼ ਮੋਰਚੇ ਨੇ ਨੌਜਵਾਨਾਂ ਨੂੰ ਉਨ੍ਹਾਂ ਦੇ ਚੰਗੇ ਭਵਿੱਖ ਦਾ ਰਸਤਾ ਦਿਖਾਇਆ ਹੈ ਤਿੰਨ ਨੌਜਵਾਨ ਸੰਘਰਸ਼ਾਂ ਦੇ ਮੈਦਾਨ ਵਿੱਚ ਵੱਧ ਤੋਂ ਵੱਧ ਆ ਰਹੇ ਹਨ । ਜਦੋਂ ਤੋਂ ਕੇਂਦਰ ਦੀ ਭਾਜਪਾ ਹਕੂਮਤ ਖੇਤੀ ਸੈਕਟਰ ਨੂੰ ਤਬਾਹ ਕਰਨ ਵਾਲੇ ਤਿੰਨ ਕਾਲੇ ਕਾਨੂੰਨ ਲੈ ਕੇ ਆਈ ਹੈ ਉਦੋਂ ਤੋਂ ਹੀ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਤੋਂ ਲੈ ਕੇ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਮੋਰਚਿਆਂ ਨੂੰ ਭਖਾਇਆ ਹੋਇਆ ਹੈ । ਕੇਂਦਰ ਵਿੱਚ ਭਾਜਪਾ ਦੀ ਹਕੂਮਤ ਲੋਕ ਸਭਾ ਵਿੱਚ ਬਹੁਮਤ ਹੋਣ ਤੇ ਸਥਿਰ ਸਰਕਾਰ ਹੋਣ ਕਰਕੇ ਕਾਨੂੰਨ ਰੱਦ ਕਰਨ ਤੇ ਅੜੀ ਹੋਈ ਹੈ ਕਿ ਕਿਸਾਨ ਅੱਕ ਥੱਕ ਕੇ ਨਿਰਾਸ਼ ਹੋ ਕੇ ਆਪਣੇ ਘਰਾਂ ਨੂੰ ਮੁੜ ਜਾਣਗੇ ਪਰ ਅਸੀਂ ਕੇਂਦਰ ਸਰਕਾਰ ਨੂੰ ਸੁਣਾਉਣੀ ਕਰਦੇ ਹਾਂ ਸਾਡੇ ਤੇ ਦੋ ਸੌ ਸਾਲ ਰਾਜ ਕਰਨ ਵਾਲੀ ਅੰਗਰੇਜ਼ ਹਕੂਮਤ ਨੂੰ ਵੀ ਇਸ ਗੱਲ ਦਾ ਭੁਲੇਖਾ ਸੀ ਕਿ ਭਾਰਤ ਤੇ ਸਾਡੀ ਹਕੂਮਤ ਕਦੇ ਵੀ ਖਤਮ ਨਹੀਂ ਹੋਵੇਗੀ ਪਰ ਜਦੋਂ ਨੌਜਵਾਨਾਂ ਨੇ ਉਨ੍ਹਾਂ ਖ਼ਿਲਾਫ਼ ਬਗ਼ਾਵਤ ਕੀਤੀ ਤਾਂ ਉਨ੍ਹਾਂ ਨੂੰ ਭਾਰਤ ਛੱਡ ਕੇ ਵਾਪਸ ਜਾਣਾ ਪਿਆ ।
ਰਘਬੀਰ ਘਰਾਚੋਂ ਅਤੇ ਯੁਵਰਾਜ ਸਿੰਘ ਘੁਡਾਣੀ ਨੇ ਸੰਬੋਧਨ ਕਰਦਿਆਂ ਕਿਹਾ ਮੋਦੀ ਹਕੂਮਤ ਜੋ ਅੱਛੇ ਦਿਨਾਂ ਦੀ ਗੱਲ ਕਰਦੀ ਸੀ ਅੱਜ ਦੀਆਂ ਹਾਲਤਾਂ ਮੁਤਾਬਕ ਕਿਰਤੀ ਲੋਕਾਂ ਦੇ ਸਾਹਮਣੇ ਬੁਰੇ ਦਿਨ ਦਿਖਾਈ ਦੇ ਰਹੇ ਹਨ ਇਸ ਦਾ ਅੰਦਾਜ਼ਾ ਕਿਸਾਨ ਦੀ ਇਕ ਕੁਇੰਟਲ ਕਣਕ ਦਾ ਰੇਟ ਸਾਲ ਬਾਅਦ ਪੰਜਾਹ ਰੁਪਏ ਵਾਧਾ ਕੀਤਾ ਹੈ ਇਸ ਦੇ ਉਲਟ ਚੌਦਾਂ ਕਿਲੋ ਦੇ ਗੈਸ ਸਿਲੰਡਰ ਦੀਆਂ ਕੀਮਤਾਂ ਪਿਛਲੇ ਸਾਲ ਨਾਲੋਂ ਦੁੱਗਣੀਆਂ ਕਰ ਦਿੱਤੀਆਂ ਹਨ । ਸਾਡੇ ਲਾਗਤ ਖਰਚਿਆਂ ਵਿਚ ਵਾਧਾ ਕਰਕੇ ਵੱਡੀ ਪੱਧਰ ਤੇ ਲੁੱਟ ਕੀਤੀ ਜਾ ਰਹੀ ਹੈ ।
ਅੱਜ ਸਟੇਜ ਦੀ ਕਾਰਵਾਈ ਜਸਬੀਰ ਸਿੰਘ ਗੱਗੜਪੁਰ ਨੇ ਚਲਾਈ ਅਤੇ ਸਟੇਜ ਤੋਂ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ , ਅਮਨਦੀਪ ਸਿੰਘ ਮਹਿਲਾਂ, ਮਨਦੀਪ ਮੋਗਾ ਅਤੇ ਜਗਰਾਜ ਤਰਨਤਾਰਨ ਨੇ ਵੀ ਸੰਬੋਧਨ ਕੀਤਾ ।