ਕੋਵਿਡ ਦੇ ਨਵੇਂ ਰੂਪ ‘ਓਮੀਕਰੋਨ’ ਤੋਂ ਚੌਕਸ ਰਹਿਣ ਦੀ ਲੋੜ- ਘਨਸ਼ਿਆਮ ਥੋਰੀ

0
19

ਕੋਵਿਡ ਦੇ ਨਵੇਂ ਰੂਪ ‘ਓਮੀਕਰੋਨ’ ਤੋਂ ਚੌਕਸ ਰਹਿਣ ਦੀ ਲੋੜ- ਘਨਸ਼ਿਆਮ ਥੋਰੀ
ਜ਼ਿਲ੍ਹਾ ਵਾਸੀਆ ਨੂੰ ਕੋਵਿਡ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਜਿੰਨੀ ਜਲਦੀ ਸੰਭਵ ਹੋ ਸਕੇ ਪੂਰੀਆਂ ਕਰਨ ਦਾ ਸੱਦਾ

ਜਲੰਧਰ, 28 ਨਵੰਬਰ (ਵਿਸ਼ਵ ਵਾਰਤਾ);-ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਦੇ ਨਵੇਂ ਰੂਪ(ਵੈਰੀਐਂਟ) ‘ਓਮੀਕਰੋਨ’ ਤੋਂ ਘਬਰਾਉਣ ਦੀ ਲੋੜ ਨਹੀਂ ਪਰ ਇਸ ਪ੍ਰਤੀ ਪੂਰੀ ਚੌਕਸੀ ਵਰਤੀ ਜਾਵੇ ਤਾਂ ਜੋ ਇਸ ਵਾਇਰਸ ਤੋਂ ਬਚਿਆ ਜਾ ਸਕੇ।
ਜ਼ਿਲ੍ਹਾ ਵਾਸੀਆਂ ਨੂੰ ਕੋਵਿਡ-19 ਵੈਕਸੀਨ ਦੀਆਂ ਦੋਵਾਂ ਖੁਰਾਕਾਂ ਮੁਕੰਮਲ ਕਰਨ ਦਾ ਸੱਦਾ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਜਿਨ੍ਹਾਂ ਲਾਭਪਾਤਰੀਆਂ ਨੇ ਕੇਵਲ ਕੋਵਿਡ ਵੈਕਸੀਨ ਦਾ ਪਹਿਲਾ ਟੀਕਾ ਲਗਵਾਇਆ ਹੈ ਜਿੰਨੀ ਜਲਦੀ ਸੰਭਵ ਹੋ ਸਕੇ ਦੂਜਾ ਟੀਕਾ ਲਗਵਾਇਆ ਜਾਵੇ ਜੋ ਕਿ ਕੋਰੋਨਾ ਵਾਇਰਸ ਦੇ ਟਾਕਰੇ ਵਿੱਚ ਬਹੁਤ ਲਾਹੇਵੰਦ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਭਰ ਵਿੱਚ ਕੋਵਿਡ ਵੈਕਸੀਨ ਮੁਹਿੰਮ ਪੂਰੀ ਤੇਜ਼ੀ ਨਾਲ ਚੱਲ ਰਹੀ ਹੈ ਇਸ ਲਈ ਲਾਭਪਾਤਰੀਆ ਨੂੰ ਜਨਤਕ ਹਿੱਤਾਂ ਲਈ ਕੋਵਿਡ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 90 ਫੀਸਦ ਲਾਭਪਾਤਰੀਆਂ ਨੇ ਪਹਿਲੀ ਅਤੇ 50 ਫੀਸਦ ਲਾਭਪਾਤਰੀਆਂ ਨੇ ਕੋਵਿਡ ਦੀ ਦੂਜੀ ਖ਼ੁਰਾਕ ਲਗਵਾ ਲਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 22,78,273 ਕੋਵਿਡ ਦੀਆਂ ਖੁਰਾਕਾਂ ਜਿਨਾਂ ਵਿੱਚ 14,68,326 ਪਹਿਲੀ ਅਤੇ 8,09,947 ਦੂਜੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ।
ਕੋਵਿਡ ਦੇ ‘ਓਮੀਕਰੋਨ’ ਰੂਪ ਦਾ ਹਵਾਲਾ ਦਿੰਦਿਆਂ ਜੋ ਕੁਝ ਦੇਸ਼ਾਂ ਵਿੱਚ ਪਾਇਆ ਗਿਆ ਹੈ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਵਲੋਂ ਪਹਿਲਾਂ ਹੀ ਇਹ ਸਪਸ਼ਟ ਕੀਤਾ ਗਿਆ ਹੈ ਕਿ ਇਸ ਤੋਂ ਡਰਨ ਦੀ ਲੋੜ ਨਹੀਂ ਪਰ ਲੋਕਾਂ ਨੂੰ ਕੋਵਿਡ ਵੈਕਸੀਨ ਦੀ ਦੂਜੀ ਖ਼ੁਰਾਕ ਜਰੂਰ ਲੈਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਕੋਵਿਡ ਮਹਾਂਮਾਰੀ ਤੋਂ ਬਚਾਅ ਲਈ ਆਪਣਾਈਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਲਾਪ੍ਰਵਾਹੀ ਨਾ ਵਰਤੀ ਜਾਵੇ  ਤਾਂ ਜੋ ਅਸੀਂ ਸਾਰੇ ਸੁਰੱਖਿਅਤ ਰਹਿ ਸਕੀਏ। ਉਨ੍ਹਾਂ ਕਿਹਾ ਕਿ ਮੌਜੂਦਾ ਹਲਾਤਾਂ ਦੇ ਮੱਦੇਨਜ਼ਰ ਚੌਕਸੀ ਅਤੇ ਸਾਵਧਾਨੀਆਂ ਦੀ ਪਾਲਣਾ ਕਰਨਾ ਸਮੇਂ ਦੀ ਲੋੜ ਹੈ।
————–