ਜਿਲ੍ਹਾ ਚੋਣ ਅਫਸਰ ਵਲੋਂ ਆਦਰਸ਼ ਚੋਣ ਜਾਬਤਾ ਸਖਤੀ ਨਾਲ ਲਾਗੂ ਕਰਨ ਦੇ ਹੁਕਮ

172
Advertisement

ਜਿਲ੍ਹਾ ਚੋਣ ਅਫਸਰ ਵਲੋਂ ਆਦਰਸ਼ ਚੋਣ ਜਾਬਤਾ ਸਖਤੀ ਨਾਲ ਲਾਗੂ ਕਰਨ ਦੇ ਹੁਕਮ

ਚਾਰਾਂ ਵਿਧਾਨ ਸਭਾ ਹਲਕਿਆਂ ਵਿਚ 622305 ਵੋਟਰ ਕਰਨਗੇ ਜਮਹੂਰੀ ਹੱਕ ਦੀ ਵਰਤੋਂ

ਇਸ਼ਤਿਹਾਰੀ ਬੋਰਡ ਤੇ ਹੋਰਡਿੰਗ ਤੁਰੰਤ ਪ੍ਰਭਾਨ ਹਟਾਉਣ ਦੀ ਮੁਹਿੰਮ ਸ਼ੁਰੂ

ਸਿਆਸੀ ਰੈਲੀਆਂ ਉੱਪਰ 15 ਜਨਵਰੀ ਤੱਕ ਮੁਕੰਮਲ ਪਾਬੰਦੀ

 ਕਪੂਰਥਲਾ, 8 ਜਨਵਰੀ(ਵਿਸ਼ਵ ਵਾਰਤਾ)-ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਮਾਂ ਸਾਰਣੀ ਦਾ ਐਲਾਨ ਕਰਨ ਦੇ ਨਾਲ ਹੀ ਜਿਲ੍ਹਾ ਕਪੂਰਥਲਾ ਅੰਦਰ ਆਦਰਸ਼ ਚੋਣ ਜਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। 

ਪੰਜਾਬ ਵਿਧਾਨ ਸਭਾ ਚੋਣਾਂ 2022 ਸਬੰਧੀ ਵੀਡੀਓ ਕਾਨਫਰੰਸ ਦੌਰਾਨ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਤੇ ਹੋਰ ਅਧਿਕਾਰੀ। 

ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਅੱਜ ਵਿਧਾਨ ਸਭਾ ਚੋਣਾਂ ਸਬੰਧੀ ਐਸ.ਐਸ.ਪੀ. ਕਪੂਰਥਲਾ, ਵਧੀਕ ਡਿਪਟੀ ਕਮਿਸ਼ਨਰਾਂ, ਰਿਟਰਨਿੰਗ ਅਫਸਰਾਂ, ਨੋਡਲ ਅਫਸਰਾਂ ਨਾਲ ਵੀਡੀਓ ਕਾਨਫਰੰਸ ਦੌਰਾਨ ਕਿਹਾ ਕਿ ਜਿਲ੍ਹਾ ਕਪੂਰਥਲਾ ਦੇ ਚਾਰਾਂ ਵਿਧਾਨ ਸਭਾ ਹਲਕਿਆਂ ਫਗਵਾੜਾ (ਰਾਖਵਾਂ), ਕਪੂਰਥਲਾ, ਸੁਲਤਾਨਪੁਰ ਲੋਧੀ ਤੇ ਭੁਲੱਥ ਲਈ ਵੋਟਾਂ 14 ਫਰਵਰੀ ਨੂੰ ਪੈਣਗੀਆਂ, ਜਿਸ ਲਈ 622305 ਵੋਟਰ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰ ਸਕਣਗੇ। ਉਨ੍ਹਾਂ ਕਿਹਾ ਕਿ ਵੋਟਰਾਂ ਦੀ ਸਹੂਲਤ ਲਈ 793 ਪੋਲਿੰਗ ਬੂਥ ਬਣਾਏ ਗਏ ਹਨ। 

ਜ਼ਿਕਰਯੋਗ ਹੈ ਕਿ ਚੋਣ ਸਮਾਂ ਸਾਰਣੀ ਅਨੁਸਾਰ ਜਿਲ੍ਹੇ ਵਿਚ 21 ਜਨਵਰੀ ਨੂੰ ਨੋਟੀਫੀਕੇਸ਼ਨ ਹੋਵੇਗਾ, ਜਿਸ ਪਿੱਛੋਂ 28 ਜਨਵਰੀ ਤੱਕ ਨਾਮਜਦਗੀ ਪੱਤਰ ਦਾਖਲ ਕੀਤੇ ਜਾ ਸਕਣਗੇ। 29 ਜਨਵਰੀ ਨੂੰ ਨਾਮਜਦਗੀ ਪੱਤਰਾਂ ਦੀ ਪੜਤਾਲ ਹੋਵੇਗੀ। 31 ਜਨਵਰੀ ਨੂੰ ਨਾਮਜਦਗੀ ਪੱਤਰ ਵਾਪਸ ਲਏ ਜਾ ਸਕਣਗੇ। 14 ਫਰਵਰੀ ਨੂੰ ਚਾਰਾਂ ਵਿਧਾਨ ਸਭਾ ਹਲਕਿਆਂ ਅੰਦਰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।    

ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤੀ ਚੋਣ ਕਮਿਸ਼ਨ ਦੇ ਹੁਕਮ ਅਨੁਸਾਰ 15 ਜਨਵਰੀ ਤੱਕ ਸਿਆਸੀ ਰੈਲੀਆਂ, ਇਕੱਠਾਂ ਉੱਪਰ ਮੁਕੰਮਲ ਰੂਪ ਵਿਚ ਪਾਬੰਦੀ ਲਾਈ ਗਈ ਹੈ। ਇਸ ਤੋਂ ਇਲਾਵਾ ਪਹਿਲਾਂ ਦਿੱਤੀਆਂ ਮਨਜ਼ੂਰੀਆਂ ਵੀ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੀਆਂ ਗਈਆਂ ਹਨ।

ਜਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਵੱਖ-ਵੱਖ ਸਿਆਸੀ ਪ੍ਰਚਾਰ ਲਈ ਲਗਾਏ ਹੋਰਡਿੰਗ, ਬੈਨਰ, ਪੋਸਟਰ ਆਦਿ ਤੁਰੰਤ ਹਟਾਏ ਜਾਣ। ਇਸ ਲਈ ਨੋਡਲ ਅਧਿਕਾਰੀ ਪਵਨ ਕੁਮਾਰ ਐਕਸੀਅਨ ਨੂੰ ਤੁਰੰਤ ਕਾਰਵਾਈ ਸ਼ੁਰੂ ਕਰਨ ਦੇ ਹੁਕਮ ਦਿੱਤੇ ਗਏ ਹਨ। 

ਜਿਲ੍ਹਾ ਚੋਣ ਅਫਸਰ ਨੇ ਇਹ ਵੀ ਕਿਹਾ ਕਿ ਸਟੈਟਿਕ ਸਰਵੀਲੈਂਸ ਟੀਮਾਂ, ਵੀਡੀਓ ਟੀਮਾਂ, ਫਲਾਇੰਗ ਸਕੂਐਡ ਟੀਮਾਂ ਤੁਰੰਤ ਪ੍ਰਭਾਵ ਨਾਲ ਕੰਮ ਸ਼ੁਰੂ ਕਰਨ ਅਤੇ ਪੁਲਿਸ ਤੇ ਆਬਕਾਰੀ ਵਿਭਾਗ ਵਲੋਂ ਸਾਂਝੇ  ਸਥਾਈ ਨਾਕਿਆਂ ਦੀ ਗਿਣਤੀ ਵਿਚ ਹੋਰ ਵਾਧਾ ਕੀਤਾ ਜਾਵੇ। 

ਚੋੋਣ ਪ੍ਰੀਕਿ੍ਆ ਦੌਰਾਨ ਕੋਵਿਡ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਤੇ ਚੋਣ ਅਮਲੇ ਦੀ 100 ਫੀਸਦੀ ਵੈਕਸੀਨੇਸ਼ਨ ਲਈ ਸਿਵਲ ਸਰਜਨ ਨੂੰ ਆਦੇਸ ਦਿੱਤੇ ਗਏ।

ਉਨ੍ਹਾਂ ਇਹ ਵੀ ਕਿਹਾ ਕਿ ਵੱਖ-ਵੱਖ ਚੋਣ ਕਮੇਟੀਆਂ ਵਿਚ ਤਾਇਨਾਤ ਸਟਾਫ ਤੁਰੰਤ ਆਪੋ ਆਪਣੇ ਨੋਡਲ ਅਫਸਰਾਂ ਕੋਲ ਹਾਜ਼ਰੀ ਪੇਸ਼ ਕਰਨ। 

ਉਨ੍ਹਾਂ  ਇਹ ਵੀ ਕਿਹਾ ਕਿ ਸੀ. ਵਿਜ਼ਲ ਐਪ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ, ਜਿਸ ਰਾਹੀਂ ਲੋਕ ਚੋਣ ਜਾਬਤੇ ਦੀ ਉਲੰਘਣਾ ਬਾਰੇ ਸ਼ਿਕਾਇਤ, ਤਸਵੀਰ ਆਦਿ ਐਪ ਰਾਹੀਂ ਭੇਜ ਸਕਦੇ ਹਨ। ਇਸ ਉੱਪਰ ਮਿਲੀ ਸ਼ਿਕਾਇਤ ਨੂੰ 100 ਮਿੰਟ ਦੇ ਅੰਦਰ-ਅੰਦਰ ਨਿਪਟਾਰਾ ਕਰਨਾ ਹੋਵੇਗਾ।    

 ਇਸ ਮੌਕੇ ਐਸ.ਐਸ. ਪੀ. ਕਪੂਰਥਲਾ ਦਿਆਮਾ ਹਰੀਸ਼ ਓਮ ਪ੍ਰਕਾਸ਼ ਨੇ ਕਿਹਾ ਕਿ ਜਿਲ੍ਹੇ ਵਿਚ ਚੋਣ ਅਮਲ ਦੇ ਮੱਦੇਨਜ਼ਰ 22 ਭਗੌੜੇ ਗਿ੍ਰਫਤਾਰ ਕੀਤੇ ਜਾ ਚੁੱਕੇ ਹਨ ਅਤੇ ਵੱਖ-ਵੱਖ ਮਹੱਤਵਪੂਰਨ ਚੌਕਾਂ ਅਤੇ ਰਸਤਿਆਂ ਉੱਪਰ ਨਾਕਾਬੰਦੀ ਕੀਤੀ ਜਾ ਚੁੱਕੀ ਹੈ। 

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਦਿਤਿਆ ਉੱਪਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐਸ ਪੀ ਆਂਗਰਾ ਤੇ ਸਮੂਹ ਰਿਟਰਨਿੰਗ ਅਫਸਰਾਂ ਤੇ ਨੋਡਲ ਅਫਸਰਾਂ ਨੇ ਵੀਡੀਓ ਕਾਨਫਰੰਸ ਵਿਚ ਭਾਗ ਲਿਆ। 

Advertisement